ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸੋਮਵਾਰ ਨੂੰ ਨਿਯਮਤ ਟੀਕਾਕਰਨ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਬਣਾਉਣ, ਯੂਵਿਨ ਤੇ ਈਵਿਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹੇ ਦੀਆਂ ਸਮੂਹ ਐੱਲ.ਐੱਚ.ਵੀਜ ਨਾਲ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਲਈ ਹੈੱਡਕਾਊਂਟ ਸਰਵੇ, ਨਿਯਮਤ ਟੀਕਾਕਰਨ ਲਈ ਮਾਈਕ੍ਰੋਪਲਾਨ, ਡਿਊਲਿਸਟਾਂ ਅਤੇ ਸੰਚਾਰ ਕਾਰਜ ਯੋਜਨਾ ਨੂੰ ਬਿਹਤਰ ਢੰਗ ਨਾਲ ਤਿਆਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਡਾ. ਸਿੰਘ ਨੇ ਜ਼ਿਲ੍ਹੇ ਵਿੱਚ ਨਿਯਮਤ ਟੀਕਾਕਰਨ ਦੇ ਕੰਮਕਾਜ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਨਿਯਮਤ ਟੀਕਾਕਰਨ ਨੂੰ ਹੋਰ ਅਸਰਦਾਰ ਕੀਤਾ ਜਾਵੇ, ਜਿਸ ਵਿੱਚ 100 ਫੀਸਦ ਟੀਕਾਕਰਨ ਲਈ ਹੈੱਡਕਾਊਂਟ ਸਰਵੇ ਬਹੁਤ ਮਹੱਤਵਪੂਰਨ ਹੈ।
ਉਨ੍ਹਾਂ ਨੇ ਦੱਸਿਆ ਕਿ ਨਿਯਮਤ ਟੀਕਾਕਰਨ ਪ੍ਰੋਗਰਾਮ ਅਧੀਨ ਪੋਲੀਓ, ਪੀਲੀਆ, ਤਪਦਿਕ, ਗਲ਼ਘੋਟੂ, ਕਾਲੀ ਖੰਘ, ਟੈਟਨੱਸ, ਨਿਮੋਨੀਆ ਤੇ ਦਸਤ, ਖਸਰਾ ਤੇ ਰੂਬੇਲਾ ਅਤੇ ਅੰਧਰਾਤਾ ਵਰਗੀਆਂ 11 ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨਿਯਮਤ ਟੀਕਾਕਰਨ ਪ੍ਰੋਗਰਾਮ ਤਹਿਤ 100 ਫੀਸਦ ਟੀਕਾਕਰਨ ਦੇ ਟੀਚੇ ਦੀ ਮੁਕੰਮਲ ਪ੍ਰਾਪਤੀ ਲਈ ਦ੍ਰਿੜ ਹੈ। ਇਸ ਸਬੰਧ ਵਿੱਚ, ਨਿਯਮਤ ਤੌਰ 'ਤੇ ਦਿੱਤੇ ਜਾਣ ਵਾਲੇ ਟੀਕਿਆਂ ਦੀ ਦਰ ਨੂੰ ਵਧਾਉਣ ਲਈ ਸਾਰੇ ਯਤਨ ਕੀਤੇ ਜਾਣ। ਹਾਈਰਿਸਕ ਖੇਤਰਾਂ ਵਿਚ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਪ੍ਰਤੀਭਾਗੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਸਾਨੂੰ ਨਿਯਮਤ ਟੀਕਾਕਰਨ ਨੂੰ ਸੁਚਾਰੂ ਅਤੇ ਯੋਜਨਾਬੱਧ ਢੰਗ ਨਾਲ ਮਜ਼ਬੂਤ ਕਰਨਾ ਹੋਵੇਗਾ। ਸਾਨੂੰ ਇਸ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਬਣਾ ਕੇ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਟੀਕਾਕਰਨ ਦੀ ਕਵਰੇਜ ਬਿਹਤਰ ਹੈ ਪਰ ਇਸ ਨੂੰ 100 ਫੀਸਦੀ ਕਰਨਾ ਜ਼ਰੂਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਗਰਭਵਤੀ ਔਰਤਾਂ ਤੇ ਬੱਚਿਆਂ ਦਾ ਸਮੇਂ ਸਿਰ ਸੰਪੂਰਨ ਟੀਕਾਕਰਨ ਹੋ ਜਾਵੇ ਤਾਂ ਅਸੀਂ ਬੱਚੇ ਦੀ ਪੂਰੀ ਤਰ੍ਹਾਂ ਸੁਰੱਖਿਆ ਕਰ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਵਿਸ਼ਵ ਟੀਕਾਕਰਨ ਸਪਤਾਹ ਸ਼ੁਰੂ ਹੋ ਗਿਆ ਹੈ। ਇਸ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਟੀਕਾਕਰਨ ਕੈਂਪ ਆਯੋਜਿਤ ਕੀਤੇ ਜਾਣ। ਸਾਲ 2026 ਤੱਕ ਮੀਜ਼ਲ ਅਤੇ ਰੁਬੇਲਾ ਨੂੰ ਮੁਕੰਮਲ ਖਤਮ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਇਸਦੇ ਟੀਕਾਕਰਨ ਤੋਂ ਵਾਂਝੇ ਬੱਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਟੀਕਾਕਰਨ ਪੂਰਾ ਕੀਤਾ ਜਾਵੇ। ਸਲੱਮ ਏਰੀਆ, ਝੁੱਗੀ-ਝੌਪੜੀ ਪ੍ਰਵਾਸੀ ਵਸੋਂ ਦਾ ਆਉਣਾ-ਜਾਣਾ ਰਹਿੰਦਾ ਹੈ, ਉਸ ਖਿੱਤੇ ਵਿਚ ਟੀਕਾਕਰਨ ਗਤੀਵਿਧੀਆਂ ਹੋਰ ਮਜ਼ਬੂਤੀ ਨਾਲ ਤੇ ਨਿਯਮਿਤ ਤੌਰ 'ਤੇ ਚਲਾਈਆਂ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਹਰੀਸ਼ ਕਿਰਪਾਲ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ ਤੇ ਵੈਕਸੀਨ ਕੋਲਡਚੇਨ ਮੈਨੇਜਰ (ਵੀ.ਸੀ.ਸੀ.ਐੱਮ.) ਅੰਮ੍ਰਿਤਪਾਲ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।